ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ’ਚ ਟੀਚਾ ਨਿਰਧਾਰਿਤ ਕਰਕੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ

BREAKING NEWS

Breaking News

Latest Headline

Short summary of the breaking news.

ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ’ਚ ਟੀਚਾ ਨਿਰਧਾਰਿਤ ਕਰਕੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ

 


ਰਿਪੋਰਟ: (ਭੂਪਿੰਦਰ ਸਿੰਘ) 20 ਮਈ: ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਉੱਤਮਤਾ ਹਾਸਲ ਕਰਨ ਲਈ ਮਾਰਗਦਰਸ਼ਨ ਕਰਨ ਦੇ ਮੰਤਵ ਨਾਲ 2018 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸ਼ੁਭਮ ਅਗਰਵਾਲ ਨੇ ਅੱਜ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਟੀਚਾ ਨਿਰਧਾਰਿਤ ਕਰਕੇ ਉਸਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ।


ਫਤਹਿਗੜ੍ਹ ਸਾਹਿਬ ਵਿਖੇ ਬਤੌਰ ਐਸ.ਐਸ.ਪੀ. ਤਾਇਨਾਤ ਸ਼੍ਰੀ ਅਗਰਵਾਲ ਨੇ ਪੰਜਾਬ ਸਰਕਾਰ ਦੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਤਹਿਤ ਸਕੂਲ ਆਫ਼ ਐਮੀਨੈਂਸ ਭਾਰਗੋ ਕੈਂਪ ਵਿਖੇ 10ਵੀਂ, 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਜ਼ਿੰਦਗੀ ਵਿੱਚ ਸਹੀ ਇਰਾਦੇ ਤੇ ਸਹੀ ਉਦੇਸ਼ ਨਾਲ ਨਿਸ਼ਾਨਾ ਮਿੱਥ ਕੇ ਉਸ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਿੱਤਾ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਗੋਂ ਸਫ਼ਲਤਾ ਲਈ ਭੁੱਖ ਹੋਣੀ ਚਾਹੀਦੀ ਹੈ, ਜਿਸ ਨਾਲ ਕਿਸੇ ਵੀ ਖੇਤਰ ਵਿੱਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।


ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਉਡਾਨ ਨੂੰ ਹੋਰ ਉੱਚਾ ਕਰਨ ਵਿੱਚ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਰੋਲ ਮਾਡਲ ਦੇਣ ਤੇ ਉਨ੍ਹਾਂ ਦਾ ਸਹੀ ਅਰਥਾਂ 'ਚ ਮਾਰਗਦਰਸ਼ਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਅਕਾਂਕਸ਼ਾ ਅਗਰਵਾਲ ਨੇ ਵੀ ਵਿਦਿਆਰਥੀਆਂ ਨਾਲ ਸਮਾਂ ਬਿਤਾਇਆ।

ਸ਼ੁਭਮ ਅਗਰਵਾਲ ਨੇ ਆਪਣੇ ਵਿਦਿਆਰਥੀ ਹੋਣ ਤੋਂ ਲੈ ਕੇ ਆਈ.ਪੀ.ਐਸ. ਬਣਨ ਤੱਕ ਦੇ ਤਜ਼ੁਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਹੁਣੇ ਤੋਂ ਕਰੀਅਰ ਦੀ ਚੋਣ ਕਰਕੇ ਉਸ ਦੀ ਤਿਆਰੀ ਆਰੰਭਣ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਬਾਰੇ ਵੀ ਗੁਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਿਆਂ ਇਸ ਦੀ ਵਰਤੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਰਨ ਲਈ ਕਿਹਾ।

ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਨਾਲ ਆਪਣੇ ਮਨ ਦੇ ਵਲਵਲੇ ਅਤੇ ਕਰੀਅਰ ਸਬੰਧੀ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ।

ਸ਼ੁਭਮ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਗੋਂ ਵੀ ਵਿਦਿਆਰਥੀਆਂ ਨਾਲ ਇਸੇ ਤਰ੍ਹਾਂ ਰਾਬਤਾ ਕਾਇਮ ਰੱਖਿਆ ਜਾਵੇਗਾ ਅਤੇ ਜੇਕਰ ਉਨ੍ਹਾਂ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਈ ਜਾਵੇਗੀ।


ਉਪਰੰਤ ਸ਼੍ਰੀ ਅਗਰਵਾਲ ਵੱਲੋਂ ਸਕੂਲ ਦੇ 12ਵੀਂ ਜਮਾਤ ਦੇ ਨਤੀਜੇ ਵਿੱਚ 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ 13 ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।


ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਪ੍ਰਿੰ. ਦਿਨੇਸ਼ ਕੁਮਾਰ ਤੋਂ ਇਲਾਵਾ ਸਕੂਲ ਦੇ ਅਧਿਆਪਕ ਤੇ ਸਮੁੱਚਾ ਸਟਾਫ਼ ਮੌਜੂਦ ਸੀ।

Post a Comment

0 Comments