ਪਹਿਲਗਾਮ ਦਹਿਸ਼ਤੀ ਹਮਲੇ ਵਿਚ 26 ਸੈਲਾਨੀਆਂ ਦੀ ਮੌਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਲਗਾਤਾਰ ਤਣਾਅ ਬਣਿਆ ਹੋਇਆ ਹੈ। ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੇ ਨਾਗਰਿਕਾਂ ਨੂੰ ਆਪਣੇ ਮੁਲਕ ਵਾਪਸ ਪਰਤਣ ਦੀਆਂ ਹਦਾਇਤਾਂ ਕਰ ਦਿੱਤੀਆਂ ਹਨ।


 ਪਾਕਿਸਤਾਨ ਵੱਲੋਂ ਸਰਹੱਦ ਉਤੇ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਦੀਆਂ ਖਬਰਾਂ ਆ ਰਹੀਆਂ ਹਨ। ਦੋਵਾਂ ਦੇਸ਼ਾਂ ਵਿਚ ਜੰਗ ਵਾਲੇ ਹਾਲਾਤ ਬਣੇ ਹੋਏ ਹਨ। ਇਸ ਦੌਰਾਨ ਪੰਜਾਬ ਨਾਲ ਲੱਗਦੀ ਸਰਹੱਦ ਉਤੇ ਵੀ ਚੌਕਸੀ ਵਧਾ ਦਿੱਤੀ ਹੈ।ਨੇੜਲੇ ਪਿੰਡਾਂ ਦੇ ਲੋਕਾਂ ਨੂੰ ਲਗਾਤਾਰ ਚੌਕਸ ਰਹਿਣ ਲਈ ਕਿਹਾ ਜਾ ਰਿਹਾ ਹੈ। ਇਸ ਦੌਰਾਨ ਖਬਰ ਆਈ ਹੈ ਕਿ ਭਾਰਤ-ਪਾਕਿ ਸਰਹੱਦ ‘ਤੇ ਤਣਾਅ ਵਿਚਾਲੇ ਅੱਜ ਫਿਰੋਜ਼ਪੁਰ ਛਾਉਣੀ ਵਿੱਚ ਛਾਉਣੀ ਬੋਰਡ ਵੱਲੋਂ ਅੱਧੇ ਘੰਟੇ ਲਈ ਬਲੈਕ ਆਊਟ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਇਸ ਇਲਾਕੇ ਵਿਚ 30 ਮਿੰਟਾਂ ਲਈ ਪੂਰਾ ਹਨੇਰਾ ਰਹੇਗਾ। ਇਸ ਦੌਰਾਨ ਹੂਟਰ ਵੱਜਣਗੇ। ਇਸ ਦੌਰਾਨ ਲੋਕਾਂ ਨੂੰ ਘਰ ਦੇ ਬਾਹਰ ਇਨਵਰਟਰ ਅਤੇ ਜਨਰੇਟਰ ਲਾਈਟਾਂ ਚਾਲੂ ਨਾ ਕਰਕੇ ਸਹਿਯੋਗ ਕਰਨ ਲਈ ਕਿਹਾ ਗਿਆ ਹੈ। ਇਹ ਇੱਕ ਮੌਕ ਡ੍ਰਿਲ ਹੋਵੇਗੀ।