ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ ਪੁਲਿਸ ਦੀ ਬੁਲਡੋਜ਼ਰ ਕਾਰਵਾਈ ਜਾਰੀ ਹੈ। ਇੱਕ ਵਾਰ ਲੁਧਿਆਣਾ ਵਿੱਚ ਪੁਲਿਸ ਵੱਲੋਂ ਬੁਲਡੋਜ਼ਰ ਦੀ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਲੁਧਿਆਣਾ ਦੇਹਾਤ ਪੁਲਿਸ ਨੇ ਅੱਜ ਰਾਏਕੋਟ ਦੇ ਪਿੰਡ ਬੁਰਜ 'ਚ ਨਸ਼ਾ ਤਸਕਰ ਹਰੀ ਸਿੰਘ ਦੇ ਘਰ 'ਤੇ ਬੁਲਡੋਜ਼ਰ ਚਲਾ ਦਿੱਤਾ। ਇਸ ਦੌਰਾਨ ਪੂਰਾ ਇਲਾਕਾ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ। ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਜੰਗ ਦੇ ਹਿੱਸੇ ਵਜੋਂ ਪੰਚਾਇਤੀ ਥਾਂ 'ਤੇ ਨਸ਼ਾ ਤਸਕਰ ਵੱਲੋਂ ਬਣਾਇਆ ਗਿਆ ਤਿੰਨ ਮੰਜ਼ਿਲਾ ਮਕਾਨ ਢਾਹ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਰ 'ਚ ਰਹਿਣ ਵਾਲੇ ਚਾਰ ਲੋਕਾਂ ਖਿਲਾਫ ਕਰੀਬ 26 ਮਾਮਲੇ ਦਰਜ ਹਨ।
ਦੱਸ ਦੇਈਏ ਕਿ ਇਸ ਦੌਰਾਨ ਪਿੰਡ ਵਾਸੀਆਂ ਨੇ ਲੱਡੂ ਵੀ ਵੰਡੇ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਸ਼ਰੇਆਮ ਵਿਕ ਰਿਹਾ ਸੀ, ਜੋ ਹੁਣ ਕਾਬੂ ਵਿੱਚ ਆ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਬੱਡੀ ਖਿਡਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਨਸ਼ਿਆਂ ਦੀ ਵਿਕਰੀ ਨੂੰ ਰੋਕਣ ਲਈ ਕਈ ਵਾਰ ਮਤੇ ਪਾਸ ਕੀਤੇ ਗਏ ਸਨ ਪਰ ਨਸ਼ਾ ਤਸਕਰ ਉਨ੍ਹਾਂ ਤੋਂ ਬਾਜ਼ ਨਹੀਂ ਆ ਰਹੇ ਸਨ | ਕਈ ਵਾਰ ਰੋਕੇ ਜਾਣ 'ਤੇ ਨਸ਼ਾ ਤਸਕਰਾਂ ਨੇ ਜਾਨਲੇਵਾ ਹਮਲੇ ਵੀ ਕੀਤੇ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਅੱਜ ਦੀ ਬੁਲਡੋਜ਼ਰ ਦੀ ਕਾਰਵਾਈ ਤੋਂ ਪਿੰਡ ਦਾ ਹਰ ਕੋਈ ਬਹੁਤ ਖੁਸ਼ ਹੈ।
0 Comments